ਨਨਕਾਣਾ ਸਾਹਿਬ ਜੀ ਦੇ ਪੰਜਾਬ ਵਾਸੀਆਂ ਨੂੰ ਦਰਸ਼ਨ ਕਰਵਾ ਰਹੀ ਹੈ ਮੁਸਲਿਮ ਲੜਕੀ

ਪਹਿਲਾਂ ਇਹ ਸਥਾਨ ‘ ਤਲਵੰਡੀ ਰਾਇ ਭੋਇ ਕੀ’ ਦੇ ਨਾਂ ਨਾਲ ਪ੍ਰਸਿੱਧ ਸੀ , ਪਰ ਸੰਨ 1469 ਈ. ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਇਸ ਦਾ ਨਾਂ ‘ ਨਨਕਾਣਾ’ ਪ੍ਰਸਿੱਧ ਹੋ ਗਿਆ । ਉਦੋਂ ਰਾਇ ਬੁਲਾਰ ਤਲਵੰਡੀ ਦਾ ਪ੍ਰਬੰਧਕ ਅਤੇ ਚੌਧਰੀ ਸੀ । ਹੁਣ ਇਹ ਪਾਕਿਸਤਾਨੀ ਪੰਜਾਬ ਦੇ ਸ਼ੇਖੂਪੁਰਾ ਜ਼ਿਲ੍ਹੇ ਦਾ ਇਕ ਨਗਰ ਹੈ । ਇਥੇ ਗੁਰੂ ਨਾਨਕ ਦੇਵ ਜੀ ਦੇ ਜਨਮ ਲੈਣ ਵਾਲੇ ਸਥਾਨ’ ਤੇ ਗੁਰਦੁਆਰਾ ‘ ਜਨਮ-ਸਥਾਨ’ ਬਣਿਆ ਹੋਇਆ ਹੈ । ਉਸ ਤੋਂ ਇਲਾਵਾ ਗੁਰੂ ਜੀ ਨਾਲ ਸੰਬੰਧਿਤ ਕੁਝ ਹੋਰ ਗੁਰੂ-ਧਾਮ ਵੀ ਹਨ ।

ਜਿਵੇਂ ਕਿਆਰਾ ਸਾਹਿਬ , ਤੰਬੂ ਸਾਹਿਬ , ਪੱਟੀ ਸਾਹਿਬ , ਬਾਲ-ਲੀਲ੍ਹਾ , ਮਾਲ-ਜੀ ਸਾਹਿਬ ਆਦਿ । ਇਨ੍ਹਾਂ ਗੁਰੂ-ਧਾਮਾਂ ਬਾਰੇ ਕੁਝ ਵਿਸਤਾਰ ਸਹਿਤ ਚਾਨਣਾ ਪਾਉਣਾ ਉਚਿਤ ਹੋਵੇਗਾ । ਗੁਰਦੁਆਰਾ ਜਨਮ ਅਸਥਾਨ ਉਸ ਥਾਂ ਉਤੇ ਉਸਰਿਆ ਹੋਇਆ ਹੈ ਜਿਥੇ ਗੁਰੂ ਨਾਨਕ ਦੇਵ ਜੀ ਦੇ ਮਾਤਾ -ਪਿਤਾ ਨਿਵਾਸ ਕਰਦੇ ਸਨ । ਪਹਿਲਾਂ ਇਥੇ ਗੁਰੂ ਜੀ ਦੇ ਪੋਤਰੇ ਬਾਬਾ ਧਰਮਚੰਦ ਨੇ ਇਕ ਕੋਠਾ ਉਸਰਵਾਇਆ ਸੀ ਜੋ ‘ ਕਾਲੂ ਕਾ ਕੋਠਾ’ ਨਾਂ ਨਾਲ ਪ੍ਰਸਿੱਧ ਹੋਇਆ । ਬਾਦ ਵਿਚ ਬਾਬਾ ਸਾਹਿਬ ਸਿੰਘ ਬੇਦੀ ਅਤੇ ਅਕਾਲੀ ਫੂਲਾ ਸਿੰਘ ਦੀ ਪ੍ਰੇਰਣਾ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਉਸ ਥਾਂ ਉਤੇ ਸੁੰਦਰ ਇਮਾਰਤ ਬਣਵਾਈ ਅਤੇ ਲਗਭਗ ਵੀਹ ਹਜ਼ਾਰ ਏਕੜ ਜ਼ਮੀਨ ਗੁਰਦੁਆਰੇ ਦੇ ਨਾਂ ਲਗਵਾਈ ਤਾਂ ਜੋ ‘ ਗੁਰੂ ਕਾ ਲੰਗਰ ’ ਦੀ ਵਿਵਸਥਾ ਠੀਕ ਤਰ੍ਹਾਂ ਚਲਦੀ ਰਹਿ ਸਕੇ । ਇਸ ਗੁਰੂ-ਧਾਮ ਦੀ ਵਿਵਸਥਾ ਉਦਾਸੀ ਸਾਧ ਕਰਦੇ ਸਨ , ਪਰ ਇਸ ਗੁਰੂ-ਧਾਮ ਦੀ ਆਮਦਨ ਕਾਰਣ ਇਸ ਦਾ ਪੁਜਾਰੀ ਮਹੰਤ ਨਰੈਣ ਦਾਸ ਬਹੁਤ ਵਿਲਾਸੀ ਹੋ ਗਿਆ ਅਤੇ ਹਰ ਪ੍ਰਕਾਰ ਦੀ ਮਰਯਾਦਾ ਦਾ ਉਲੰਘਨ ਕਰਨਾ ਸ਼ੁਰੂ ਕਰ ਦਿੱਛਾ । ਉਸ ਤੋਂ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਦੇ ਉਦੇਸ਼ ਨਾਲ ਗਏ ਭਾਈ ਲਛਮਣ ਸਿੰਘ ਦੇ ਜੱਥੇ ਨੂੰ 20 ਫਰਵਰੀ 1921 ਈ. ਨੂੰ ਸ਼ਹੀਦ ਕੀਤਾ ਗਿਆ । ਫਲਸਰੂਪ , 21 ਫਰਵਰੀ ਨੂੰ ਗੁਰਦੁਆਰੇ ਦਾ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ ਗਿਆ । ਬਾਦ ਵਿਚ ਗੁਰਦੁਆਰੇ ਦੀ ਇਮਾਰਤ ਵਿਚ ਕਾਫ਼ੀ ਵਾਧਾ ਕੀਤਾ ਗਿਆ । ਦੇਸ਼ ਵੰਡ ਤੋਂ ਬਾਦ ਦਰਸ਼ਨ ਕਰਨ ਲਈ ਹਰ ਸਾਲ ਹਿੰਦੁਸਤਾਨ ਤੋਂ ਸਿੰਘਾਂ ਦੇ ਜੱਥੇ ਜਾਂਦੇ ਰਹਿੰਦੇ ਹਨ ।

ਗੁਰਦੁਆਰਾ ਬਾਲ ਲੀਲ੍ਹਾ ਉਸ ਪਵਿੱਤਰ ਥਾਂ ਉਤੇ ਉਸਰਿਆ ਹੈ ਜਿਥੇ ਗੁਰੂ ਜੀ ਬਚਪਨ ਵਿਚ ਆਪਣੇ ਸੰਗੀਆਂ ਨਾਲ ਖੇਡਦੇ ਸਨ । ਇਹ ‘ ਗੁਰਦੁਆਰਾ ਪਟੀ ਸਾਹਿਬ’ ਤੋਂ ਪੂਰਬ ਦਿਸ਼ਾ ਵਲ ਕੁਝ ਵਿਥ ਉਤੇ ਹੈ । ਗੁਰੂ ਹਰਿਗੋਬਿੰਦ ਸਾਹਿਬ ਜਦੋਂ ਨਨਕਾਣਾ ਸਾਹਿਬ ਆਏ ਤਾਂ ਇਸ ਸਥਾਨ ਦੀ ਉਚੇਚੀ ਨਿਸ਼ਾਨਦੇਹੀ ਕਰਵਾਈ । ਜਦੋਂ ਦੀਵਾਨ ਕੌੜਾ ਮਲ , ਸਿੱਖ ਸੈਨਿਕਾਂ ਦੀ ਸਹਾਇਤਾ ਨਾਲ ਮੁਲਤਾਨ ਦੇ ਨਵਾਬ ਵਲੋਂ ਕੀਤੀ ਗਈ ਬਗ਼ਾਵਤ ਨੂੰ ਦਬਾ ਕੇ ਪਰਤਿਆ ਤਾਂ ਉਸ ਨੇ ਇਸ ਗੁਰਦੁਆਰੇ ਦੀ ਇਮਾਰਤ ਬਣਵਾਈ ਅਤੇ ਸਰੋਵਰ ਦੇ ਵੀ ਦੋ ਪਾਸੇ ਪੱਕੇ ਕਰਵਾਏ । ਫਿਰ ਮਹਾਰਾਜਾ ਰਣਜੀਤ ਸਿੰਘ ਨੇ ਇਮਾਰਤ ਵਿਚ ਵਾਧਾ ਕਰਵਾਇਆ ਅਤੇ ਸਰੋਵਰ ਨੂੰ ਵੱਡਾ ਕਰਵਾ ਕੇ ਪੱਕਾ ਕਰਵਾਇਆ । ਇਸ ਤੋਂ ਇਲਾਵਾ ਗੁਰਦੁਆਰੇ ਦੇ ਨਾਂ ਤਿੰਨ ਸੌ ਏਕੜ ਜ਼ਮੀਨ ਲਗਵਾਈ । ਇਸ ਗੁਰਦੁਆਰੇ ਦਾ ਬਾਦ ਵਿਚ ਵੀ ਵਿਕਾਸ ਹੁੰਦਾ ਰਿਹਾ । ਪਾਕਿਸਤਾਨ ਬਣਨ ਤੋਂ ਪਹਿਲਾਂ ਬਾਬਾ ਗੁਰਮੁਖ ਸਿੰਘ ਸੇਵਾ ਵਾਲੇ ਨੇ ਇਸ ਦੀ ਇਮਾਰਤ ਵਿਚ ਸੁਧਾਰ ਕਰਵਾਇਆ ਅਤੇ ਸਰੋਵਰ ਵੀ ਵੱਡਾ ਕਰਵਾਇਆ ।

ਗੁਰਦੁਆਰਾ ਪੱਟੀ ਸਾਹਿਬ ਉਸ ਸਥਾਨ ਉਤੇ ਉਸਰਿਆ ਹੋਇਆ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੂੰ ਪਾਂਧੇ ਪਾਸ ਪੜ੍ਹਨੇ ਪਾਇਆ ਗਿਆ ਸੀ । ਰਵਾਇਤ ਅਨੁਸਾਰ ਇਥੇ ਹੀ ਗੁਰੂ ਜੀ ਨੇ ਆਸਾ ਰਾਗ ਵਿਚਲੀ ‘ ਪਟੀ’ ਨਾਂ ਦੀ ਬਾਣੀ ਦਾ ਉਚਾਰਣ ਕਰਕੇ ਵਰਣਾਂ ਦੇ ਅਧਿਆਤਮਿਕ ਪਿਛੋਕੜ ਉਪਰ ਪ੍ਰਕਾਸ਼ ਪਾਇਆ ਸੀ । ਗੁਰਦੁਆਰੇ ਦੀ ਸੁੰਦਰ ਇਮਰਤ ਬਣੀ ਹੋਈ ਹੈ । ਗੁਰਦੁਆਰਾ ਕਿਆਰਾ ਸਾਹਿਬ ਗੁਰਦੁਆਰਾ ਬਾਲ ਲੀਲਾ ਤੋਂ ਲਗਭਗ ਦੋ ਕਿ.ਮੀ. ਪੂਰਬ ਵਲ ਸਥਿਤ ਹੈ । ਇਥੇ ਗੁਰੂ ਜੀ ਬਚਪਨ ਵਿਚ ਮੱਝਾਂ ਚਰਾਉਣ ਆਇਆ ਕਰਦੇ ਸਨ । ਜਨਮ-ਸਾਖੀ ਸਾਹਿਤ ਅਨੁਸਾਰ ਇਕ ਵਾਰ ਗੁਰੂ ਜੀ ਦੀਆਂ ਮੱਝਾਂ ਨੇ ਕਿਸੇ ਕਿਸਾਨ ਦਾ ਖੇਤ ਉਜਾੜ ਦਿੱਤਾ । ਉਹ ਰਾਇ ਬੁਲਾਰ ਅਗੇ ਫਰਿਆਦੀ ਹੋਇਆ । ਜਦੋਂ ਖੇਤ ਦੇ ਉਜਾੜੇ ਦੀ ਪੜਤਾਲ ਕੀਤੀ ਗਈ , ਤਾਂ ਸਭ ਕੁਝ ਠੀਕ ਨਿਕਲਿਆ । ਲੋਕਾਂ ਨੇ ਗੁਰੂ ਜੀ ਦੀ ਸ਼ਖ਼ਸੀਅਤ ਵਿਚ ਕਿਸੇ ਅਗੰਮੀ ਸ਼ਕਤੀ ਦੀ ਹੋਂਦ ਮੰਨੀ । ਉਸ ਸਥਾਨ ਉਤੇ ਬਾਦ ਵਿਚ ਗੁਰੂ-ਧਾਮ ਉਸਾਰਿਆ ਗਿਆ । ਕਾਲਾਂਤਰ ਵਿਚ ਸੰਤ ਗੁਰਮੁਖ ਸਿੰਘ ਸੇਵਾ ਵਾਲੇ ਨੇ ਬਹੁਤ ਸੁੰਦਰ ਇਮਾਰਤ ਬਣਾ ਦਿੱਤੀ ।

ਗੁਰਦੁਆਰਾ ਮਾਲ ਜੀ ਸਾਹਿਬ ਮੁੱਖ ਗੁਰੂ-ਧਾਮ ਤੋਂ ਪੂਰਬ ਵਾਲੇ ਪਾਸੇ ਲਗਭਗ ਡੇਢ ਕਿ.ਮੀ. ਦੀ ਵਿਥ ਉਤੇ ਸਥਿਤ ਹੈ । ਜਨਮਸਾਖੀ ਸਾਹਿਤ ਵਿਚ ਬ੍ਰਿਛ ਦੀ ਛਾਂ ਨ ਫਿਰਨ ਅਤੇ ਸੱਪ ਦੁਆਰਾ ਗੁਰੂ ਜੀ ਦੇ ਸੀਸ ਉਤੇ ਛਾਂ ਕਰਨ ਦੀਆਂ ਸਾਖੀਆਂ ਇਸੇ ਸਥਾਨ ਨਾਲ ਜੁੜੀਆਂ ਹੋਈਆਂ ਹਨ । ਇਥੇ ਹੀ ਗੁਰੂ ਜੀ ਦੀ ਅਜ਼ਮਤ ਦਾ ਅਹਿਸਾਸ ਰਾਇ ਬੁਲਾਰ ਨੂੰ ਹੋਇਆ ਸੀ । ਇਸ ਸਥਾਨ ਉਤੇ ਸਭ ਤੋਂ ਪਹਿਲਾਂ ਦੀਵਾਨ ਕੌੜਾ ਮਲ ਨੇ ਗੁਰੂ-ਧਾਮ ਬਣਵਾਇਆ ਅਤੇ ਬਾਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਸੁੰਦਰ ਇਮਾਰਤ ਦਾ ਸਰੂਪ ਦਿੱਤਾ । ਗੁਰਦੁਆਰਾ ਛੱਟੀ ਪਾਤਿਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੀ ਆਮਦ ਦੀ ਯਾਦ ਨੂੰ ਸਮਰਪਿਤ ਹੈ । ਗੁਰੂ ਜੀ ਇਥੇ ਸੰਨ 1620 ਈ. ਦੇ ਨੇੜੇ ਤੇੜੇ ਆਏ ਸਨ । ਇਹ ਗੁਰਦੁਆਰਾ ਨਿਹੰਗ ਸਿੰਘਾਂ ਨੇ ਉਸਾਰਿਆ ਸੀ , ਪਰ ਸੰਨ 1921 ਈ. ਵਿਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋ ਗਿਆ ।ਗੁਰਦੁਆਰਾ ਤੰਬੂ ਸਾਹਿਬ ਉਨ੍ਹੀਵੀਂ ਸਦੀ ਵਿਚ ਨਿਹੰਗ ਸਿੰਘਾਂ ਵਲੋਂ ਉਸ ਸਥਾਨ ਉਤੇ ਉਸਾਰਿਆ ਗਿਆ , ਜਿਥੇ ‘ ਸਚਾ ਸੌਦਾ ’ ਕਰਨ ਉਪਰੰਤ ਗੁਰੂ ਜੀ ਪਿਤਾ ਦੇ ਡਰ ਕਰਕੇ ਵਣਾਂ ਦੇ ਤੰਬੂ ਵਰਗੇ ਝੁੰਡ ਵਿਚ ਬੈਠੇ ਸਨ । ਭਾਈ ਬਾਲੇ ਤੋਂ ਪਤਾ ਲਗਣ’ ਤੇ ਗੁਰੂ ਜੀ ਦੇ ਮਾਤਾ ਪਿਤਾ ਅਤੇ ਭੈਣ ਨਾਨਕੀ ਇਥੇ ਆਏ । ਪਿਤਾ ਕਾਲੂ ਨੇ ਗੁੱਸੇ ਵਿਚ ਆ ਕੇ ਸੁਪੁੱਤਰ ਨੂੰ ਚਪੇੜਾਂ ਮਾਰੀਆਂ ਅਤੇ ਬੇਬੇ ਨਾਨਕੀ ਨੇ ਗੁਰੂ ਜੀ ਨੂੰ ਪਿਤਾ ਦੇ ਪ੍ਰਕੋਪ ਤੋਂ ਬਚਾਇਆ । ਪਾਕਿਸਤਾਨ ਬਣਨ ਤੋਂ ਬਾਦ ਇਨ੍ਹਾਂ ਸਾਰਿਆਂ ਗੁਰਦੁਆਰਿਆਂ ਦੀ ਵਿਵਸਥਾ ‘ ਵਕਫ਼ ਬੋਰਡ ’ ਕਰ ਰਿਹਾ ਹੈ । ਗੁਰੂ ਨਾਨਕ ਦੇਵ ਜੀ ਦੇ ਜਨਮ-ਪੁਰਬ ਤੇ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆ ਕੇ ਦਰਸ਼ਨ ਕਰਦੇ ਹਨ ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: