8 ਸਾਲ ਵਕੀਲ ਰਹਿਣ ਤੋਂ ਬਾਅਦ ਫ਼ਿਲਮਾਂ ਵਿੱਚ ਆਏ ਸਨ ਮਿਹਰ ਮਿੱਤਲ

ਕੁਝ ਲੋਕਾਂ ਦੀਆਂ ਯਾਦਾਂ ਸਮੇਂ ਦੇ ਨਾਲ ਨਾਲ ਅਕਸਰ ਧੁੰਦਲੀਆਂ ਪੈਣ ਲੱਗ ਜਾਂਦੀਆਂ ਹਨ। ਪਰ ਅਜਿਹੀ ਅੱਮਿਟ ਥਾਂ ਉਨਾਂ ਨੇ ਲੋਕਾਂ ਦੇ ਜ਼ਿਹਨ ‘ਚ ਬਣਾਈ ਹੁੰਦੀ ਹੈ ਕਿ ਸਾਡੇ ਚੇਹਰੇ ‘ਤੇ ਇੱਕ ਮੁਸਕਾਨ ਜਿਹੀ ਦੌੜ ਜਾਂਦੀ ਹੈ ਜਦੋਂ ਇਹੋ ਜਿਹੀਆਂ ਸ਼ਖਸ਼ੀਅਤਾਂ ਸਾਡੇ ਸਾਹਮਣੇ ਆਉਂਦੀਆਂ ਹਨ। ਅਜਿਹੀ ਹੀ ਇੱਕ ਸ਼ਖਸ਼ੀਅਤ ਹਨ ਜਿਸਦੀ ਅੱਜ ਮੈਂ ਗੱਲ ਕਰਨ ਲੱਗੀ ਹਾਂ। ਉਹ ਹਨ ਮੇਹਰ ਮਿੱਤਲ। ਜੀ ਹਾਂ ਮੇਹਰ ਮਿੱਤਲ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ। ਉਨਾਂ ਦਾ ਜਨਮ ਬਠਿੰਡਾ ‘ਚ 24 ਅਕਤੂਬਰ 1935 ‘ਚ ਹੋਇਆ ।

ਉਨਾਂ ਨੇ ਚੰਡੀਗੜ ‘ਚ ਲਾਅ ਦੀ ਪੜਾਈ ਕੀਤੀ ‘ਤੇ ਵਕੀਲ ਦੇ ਤੋਰ ‘ਤੇ ਅੱਠ ਸਾਲ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ। ਜਦੋਂ ਉਨਾਂ ਨੇ ਫਿਲਮੀ ਦੁਨੀਆਂ ‘ਚ ਕਦਮ ਰੱਖਿਆ ਤਾਂ ਉਨਾਂ ਦੇ ਹਸੂ ਹਸੂ ਕਰਦੇ ਚਿਹਰੇ ਨੂੰ ਉਦੋਂ ਵੱਖਰੀ ਪਹਿਚਾਣ ਮਿਲੀ। 1975 ‘ਚ ਆਈ ਫਿਲਮ ‘ਤੇਰੀ ਮੇਰੀ ਇੱਕ ਜਿੰਦੜੀ’ ‘ਚ ਉਨਾਂ ਵੱਲੋਂ ਬਿਖੇਰੇ ਗਏ ਹਾਸਿਆਂ ਨੂੰ ਭਲਾ ਕੌਣ ਭੁੱਲ ਸਕਦਾ ਹੈ। ਆਪਣੇ ਫਿਲਮੀ ਸਫਰ ‘ਚ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ ‘ਚ ਮੇਹਰ ਮਿੱਤਲ ਨੇ ਤਿੰਨ ਦਹਾਕਿਆਂ ਤੱਕ ਆਪਣੀ ਅੱਲਗ ਪਹਿਚਾਣ ਬਣਾਈ। ‘ਪੁੱਤ ਜੱਟਾਂ ਦੇ ‘ ਦਾ ਬਾਲਮ ਪ੍ਰਦੇਸੀ , ‘ਇਸ਼ਕ ਨਿਮਾਣਾ ਦਾ’ ਨੱਥੂਰਾਮ ,’ਚੰਨ ਪ੍ਰਦੇਸੀ’ ਦਾ ਪੱਪੂ ,ਅਤੇ ਫਿਲਮ ‘ਲੌਂਗ ਦਾ ਲਿਸ਼ਕਾਰਾ’ ਦਾ ਰੁੜਿਆ ਕੁੱਬਾ ਹੋਵੇ ਜਾਂ ਕੋਈ ਹੋਰ ਕਿਰਦਾਰ ਮੇਹਰ ਮਿੱਤਲ ਨੇ ਨਿਭਾਏ, ਇਨਾਂ ਕਿਰਦਾਰਾਂ ‘ਚ ਏਨਾਂ ਡੁੱਬ ਜਾਂਦੇ ਕਿ ਇਨਾਂ ਕਿਰਦਾਰਾਂ ਨੂੰ ਉਹ ਖੁਦ ਜਿਉਂਦੇ।

ਉਨਾਂ ਨੇ ਡਾਕਟਰ ਦੀ ਭੂਮਿਕਾ ਫਿਲਮ ਕਹਿਰ ‘ਚ ਅਦਾ ਕੀਤੀ, ਜਿਸ ਨੂੰ ਬਹੁਤ ਸਰਾਹਿਆ ਗਿਆ। ਅਦਾਕਾਰ ਹੋਣ ਦੇ ਨਾਲ ਨਾਲ ਉਨਾਂ ਨੇ ਦੋ ਫਿਲਮਾਂ ਵੀ ਬਣਾਈਆਂ ਜਿਸ ‘ਚ 1980 ‘ਚ ਆਈ ‘ਅੰਬੇ ਮਾਂ ਜਗਦੰਬੇ ਮਾਂ’ ਅਤੇ 1981 ‘ਚ ਆਈ ‘ਵਿਲਾਇਤੀ ਬਾਬੂ’ ‘ਚ ਉਨਾਂ ਨੇ ਬਿਹਤਰੀਨ ਅਦਾਕਾਰ ਦੇ ਨਾਲ ਨਾਲ ਕਾਮਯਾਬ ਪ੍ਰੋਡਿਊਸਰ ਦੀ ਵੀ ਭੂਮਿਕਾ ਨਿਭਾਈ। ਉਨਾਂ ਨੇ 100 ਤੋਂ ਵੀ ਜਿਆਦਾ ਫਿਲਮਾਂ ‘ਚ ਤਿੰਨ ਦਹਾਕਿਆਂ ‘ਚ ਕੰਮ ਕੀਤਾ। ਇਸ ਤੋਂ ਇਲਾਵਾ ਉਨਾਂ ਨੇ ਕਈ ਬਾਲੀਵੁੱਡ ਕਲਾਕਾਰਾਂ ਨਾਲ ਵੀ ਕੰਮ ਕੀਤਾ। ਉਨਾਂ ਨੂੰ ਦਾਦਾ ਸਾਹਿਬ ਫਾਲਕੇ ਦੀ ੧੩੬ਵੀਂ ਜਯੰਤੀ ‘ਤੇ ਉਨਾਂ ਦੀ ਇਸ ਅਦਾਕਾਰੀ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।

ਮੇਹਰ ਮਿੱਤਲ ਨੇ ਜਿਆਦਾਤਰ ਫਿਲਮਾਂ ‘ਚ ਕਾਮੇਡੀਅਨ ਦਾ ਰੋਲ ਨਿਭਾਇਆ। ਉਸ ਵੇਲੇ ਕਦਮ ਉਨਾਂ ਨੇ ਪੰਜਾਬੀ ਫਿਲਮ ਇੰਡਸਟਰੀ ‘ਚ ਰੱਖਿਆ ਸੀ ਜਦੋਂ ਫਿਲਮਾਂ ‘ਚ ਆਪਣਾ ਸਥਾਨ ਬਨਾਉਣਾ ਬਹੁਤ ਹੀ ਮੁਸ਼ਕਿਲ ਸੀ। ਪਰ ਪੰਜਾਬੀ ਫਿਲਮਾਂ ਪ੍ਰਤੀ ਉਨਾਂ ਦੀ ਮਿਹਨਤ ‘ਤੇ ਸਿਰੜ ਨੇ ਉਨਾਂ ਨੂੰ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ। ਕੋਈ ਸਮਾਂ ਸੀ ਜਦੋਂ ਮੇਹਰ ਮਿੱਤਲ ਨੂੰ ਧਿਆਨ ‘ਚ ਰੱਖਦੇ ਹੋਏ ਸਕਰਿਪਟ ਰਾਈਟਰ ਸਕਰਿਪਟ ਲਿਖਦੇ ਸਨ। ਕਦੇ ਅਮਲੀ ਦਾ ਕਿਰਦਾਰ ‘ਤੇ ਕਦੇ ਨਾਇਕ ਦੇ ਦੋਸਤ ਦਾ ਰੋਲ। ਹਰ ਤਰਾਂ ਦੇ ਰੋਲ ‘ਚ ਉਹ ਫਿੱਟ ਸਨ ਫਿਲਮ ਵਿਲਾਇਤੀ ਬਾਬੂ ਦੇ ਉਸ ਅਨਪੜ ਕਿਰਦਾਰ ਵੱਲੋਂ ਪੜੇ ਲਿਖੇ ਹੀਰੋ ਦਾ ਨਾਟਕ ਕਰਨ ਵਾਲੇ ਮੇਹਰ ਮਿੱਤਲ ਨੂੰ ਭਲਾ ਕੌਣ ਭੁਲਾ ਸਕਦਾ ਹੈ ਜਿਸ ‘ਚ ਵਿਲਾਇਤੀ ਬਾਬੂ ਨੇ ਆਪਣੀ ਟੁੱਟੀ ਫੁੱਟੀ ਪੰਜਾਬੀ ‘ਤੇ ਅੰਗਰੇਜ਼ੀ ‘ਚ ਚਿੱਠੀ ਪੜ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ ਸਨ।

ਪੰਜਾਬੀ ਫਿਲਮ ਇੰਡਸਟਰੀ ਦੇ ਇਸ ਸਿਤਾਰੇ ਨੇ ਫਿਲਮ ਇੰਡਸਟਰੀ ‘ਚ ਆਪਣੀ ਖਾਸ ਜਗਾ ਆਪਣੀ ਬੇਹਤਰੀਨ ਅਦਾਕਾਰੀ ਦੀ ਬਦੌਲਤ ਬਣਾਈ ਹੈ। ਮੇਹਰ ਮਿੱਤਲ ਆਪਣੇ ਸਮੇਂ ‘ਚ ਮਸ਼ਹੂਰ ਰਹੇ ਟੀਵੀ ਸੀਰੀਅਲ ‘ਬੁਨਿਆਦ’ ‘ਚ ਵੀ ਨਜ਼ਰ ਆ ਚੁੱਕੇ ਹਨ। ਇਸ ਸੀਰੀਅਲ ‘ਚ ਵੀ ਉਨ੍ਹਾਂ ਨੇ ਕਾਫੀ ਰੋਚਕ ਕਿਰਦਾਰ ਨਿਭਾਇਆ ਸੀ। ਇਸ ਅਦਾਕਾਰ ਵੱਲੋਂ ਪੰਜਾਬੀ ਫਿਲਮਾਂ ‘ਚ ਪਾਏ ਗਏ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਅੱਜ ਵੀ ਉਨਾਂ ਦੀਆਂ ਫਿਲਮਾਂ ਨੂੰ ਉਨਾਂ ਦੇ ਪ੍ਰਸ਼ੰਸਕ ਵੇਖਦੇ ਹਨ। ਬੇਸ਼ੱਕ ਉਹ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ ਹਨ,ਪਰ ਉਹ ਫਿਲਮਾਂ ਦੇ ਜ਼ਰੀਏ ਸਾਡੇ ਦਰਮਿਆਨ ਹਮੇਸ਼ਾ ਹੀ ਜਿੰਦਾ ਰਹਿਣਗੇ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੂਜੇ ਰਾਜਾਂ ਨੂੰ ਗੱਫੇ ਹੜ੍ਹ ਮਾਰੇ ਪੰਜਾਬ ਨੂੰ ਸਰਕਾਰ ਨੇ ਵਿਸਾਰਿਆ

ਮੋਦੀ ਸਰਕਾਰ ਨੇ ਹੜ੍ਹ ਮਾਰੇ ਪੰਜਾਬ ਨਾਲ ਵਿਤਕਰਾ ਕੀਤਾ ਹੈ। ਬਾਕੀ ਹੜ੍ਹ ਪ੍ਰਭਾਵਿਤ ਰਾਜਾਂ ਵਿੱਚ ...

error: