ਇਹਨਾਂ ਤਰੀਕਿਆਂ ਨੂੰ ਵਰਤ ਕੇ ਤੁਸੀਂ ਆਪਣੇ ਖੇਤਾਂ ਲਈ ਬਚਾ ਸਕਦੇ ਹੋ ਬਹੁਤ ਸਾਰਾ ਪਾਣੀ

ਅਸੀਂ ਸਾਰੇ ਜਾਣਦੇ ਹਾਂ ਕੀ ਇਕ ਕਿਸਾਨ ਲਈ ਪਾਣੀ ਦੀ ਕੀ ਮਹੱਤਤਾ ਹੈ । ਪੰਜਾਬ ਵਿਚ ਪਾਣੀ ਦਾ ਪੱਧਰ ਦਿਨ-ਬੇ-ਦਿਨ ਡਿਗਦਾ ਜਾ ਰਿਹਾ ਹੈ ।ਇਸ ਲਈ ਸਾਨੂੰ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ । ਜੇਕਰ ਸਿਰਫ ਅਸੀਂ ਕੁਝ ਖਾਸ ਗੱਲਾਂ ਦਾ ਧਿਆਨ ਰੱਖੀਏ ਤਾਂ ਵੀ ਅਸੀਂ ਬਹੁਤ ਸਾਰਾ ਪਾਣੀ ਬਚਾ ਸਕਦੇ ਹਾਂ ।

ਝੋਨੇ-ਕਣਕ ਦੀ ਪਰਾਲੀ ਨਾਲ ਢਕਣਾ ਜਾਂ ਮਲਚਿੰਗ ਕਰੋ : ਜ਼ਮੀਨ ਉੱਤੇ ਫ਼ਸਲੀ ਰਹਿੰਦ-ਖੂੰਹਦ ਪੰਜਾਬ ਦੇ ਮੌਜੂਦਾ ਸੰਦਰਭ ਵਿਚ ਖਾਸਕਰ ਝੋਨੇ ਅਤੇ ਕਣਕ ਦੀ ਪਰਾਲੀ ਦਾ ਢਕਣਾ ਕਰਨਾ ਜਿਸ ਨੂੰ ਮਲਚਿੰਗ ਵੀ ਕਿਹਾ ਜਾਂਦਾ ਹੈ ਪਾਣੀ ਬਚਾਉਣ ਦਾ ਇੱਕ ਬੇਹੱਦ ਕਾਰਗਰ ਅਤੇ ਅਜ਼ਮਾਇਆ ਹੋਇਆ ਉਪਾਅ ਹੈ। ਸਾਡੇ ਬਜ਼ੁਰਗ ਇਸ ਨੂੰ ਅੱਟਣ ਕਰਨਾ ਕਿਹਾ ਕਰਦੇ ਸਨ। ਫ਼ਸਲੀ ਰਹਿੰਦ-ਖੂੰਹਦ ਨਾਲ ਢਕੀ ਹੋਈ ਜ਼ਮੀਨ ਵਿਚੋਂ ਜਿੱਥੇ ਨਮੀ ਦਾ ਭਾਫ਼ ਬਣ-ਬਣ ਕੇ ਉੱਡਣਾ ਰੁਕਦਾ ਹੈ ਉੱਥੇ ਹੀ ਰਾਤ ਭਰ ਵਿਚ 1 ਕਿੱਲੋ ਸੁੱਕੇ ਢਕਣੇ ਪਿੱਛੇ ਲਗਪਗ 4 ਲੀਟਰ ਪਾਣੀ ਵਾਤਾਵਰਨ ‘ਚੋਂ (ਕੁਦਰਤੀ ਖੇਤੀ ਗੁਰੂ ਸੁਭਾਸ਼ ਪਾਲੇਕਰ ਅਨੁਸਾਰ) ਜ਼ਮੀਨ ਨੂੰ ਅੰਦਰ ਸਮੋਅ ਲੈਂਦਾ ਹੈ।

ਇਸ ਪ੍ਰਕਾਰ ਭੂਮੀ ਅੰਦਰ ਸਮੁਚਿੱਤ ਮਾਤਰਾ ਵਿਚ ਨਮੀ ਹਮੇਸ਼ਾ ਬਰਕਰਾਰ ਰਹਿੰਦੀ ਹੈ ਤੇ ਸਿੱਟੇ ਵਜੋਂ ਫ਼ਸਲ ਨੂੰ ਪਾਣੀ ਦੇਣ ਦੀ ਲੋੜ 60 ਤੋਂ 80 ਫ਼ੀਸਦੀ ਤੱਕ ਘਟ ਜਾਂਦੀ ਹੈ। ਇੰਨਾ ਹੀ ਨਹੀਂ ਮਲਚਿੰਗ ਸਦਕਾ ਭੂਮੀ ਦਾ ਤਾਪਮਾਨ ਵੀ ਸੰਤੁਲਿਤ ਬਣਿਆ ਰਹਿੰਦਾ ਹੈ, ਜਿਸ ਕਾਰਨ ਭੂਮੀ ਅੰਦਰ ਸੂਖਮ ਅਤੇ ਅਤਿ-ਸੂਖਮ ਜੀਵ ਦੀ ਗਤੀਵਿਧੀ ਤੇਜ਼ ਹੁੰਦੀ ਹੈ ਜਿਸ ਦਾ ਸਿੱਧਾ ਲਾਭ ਸੰਬੰਧਿਤ ਖੇਤ ਵਿਚ ਲੱਗੀ ਫ਼ਸਲ ਨੂੰ ਹੁੰਦਾ ਹੈ। ਫ਼ਸਲ ਜ਼ਿਆਦਾ ਤੰਦਰੁਸਤ, ਮਜ਼ਬੂਤ ਅਤੇ ਜਾਨਦਾਰ ਬਣਦੀ ਹੈ।

ਬੈੱਡਾਂ ਅਤੇ ਵੱਟਾਂ ਉੱਪਰ ਬਿਜਾਈ ਕਰਕੇ : ਬੈੱਡਾਂ ਅਤੇ ਵੱਟਾਂ ਉੱਤੇ ਫ਼ਸਲਾਂ ਦੀ ਬਿਜਾਈ ਕਰਕੇ ਜਿੱਥੇ 40 ਤੋਂ 60 ਫੀਸਦੀ ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ, ਉੱਥੇ ਹੀ ਬੈੱਡਾਂ ਅਤੇ ਵੱਟਾਂ ਉੱਤੇ ਬੀਜੀ ਗਈ ਫ਼ਸਲ ਪੌਦਿਆਂ ਦੀ ਤੰਦਰੁਸਤੀ, ਮਜ਼ਬੂਤੀ, ਝਾੜ ਅਤੇ ਗੁਣਵੱਤਾ ਪੱਖੋਂ ਆਮ ਦੇ ਮੁਕਾਬਲੇ ਕਿਤੇੇ ਵੱਧ ਚੰਗੀ ਹੁੰਦੀ ਹੈ।

ਇਹ ਗੱਲ ਕਿਸੇ ਵੀ ਕਿਸਾਨ ਵੀਰ ਤੋਂ ਗੁੱਝੀ ਨਹੀਂ ਕਿ ਬੈੱਡਾਂ ਜਾਂ ਵੱਟਾਂ ‘ਤੇ ਬੀਜੀ ਗਈ ਫ਼ਸਲ ਆਮ ਦੇ ਮੁਕਾਬਲੇ ਜ਼ਿਆਦਾ ਫੁਟਾਰਾ ਕਰਦੀ ਹੈ, ਪੌਦੇ ਵਧੇਰੇ ਤੰਦਰੁਸਤ ਅਤੇ ਜਾਨਦਾਰ ਹੁੰਦੇ ਹਨ ਅਤੇ ਮੁੰਜ਼ਰਾਂ ਜਾਂ ਛਿੱਟੇ ਆਮ ਨਾਲੋਂ ਲੰਬੇ, ਗੁੰਦਵੇਂ ਤੇ ਪੂਰੇ ਭਰੇ ਹੋਏ ਹੁੰਦੇ ਹਨ। ਇਸ ਸਭ ਦਾ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਬੈੱਡਾਂ ਜਾਂ ਵੱਟਾਂ ‘ਤੇ ਬੀਜੀ ਗਈ ਫ਼ਸਲ ਦੀਆਂ ਜੜ੍ਹਾਂ ਨੂੰ ਭਰਪੂਰ ਮਾਤਰਾ ਵਿਚ ਨਮੀ ਅਤੇ ਹਵਾ ਹਮੇਸ਼ਾ ਉਪਲਬੱਧ ਰਹਿੰਦੀ ਹੈ।

ਕਿਸੇ ਵੀ ਫ਼ਸਲ ਨੂੰ ਬਿਨਾਂ ਮੰਗੇ ਪਾਣੀ ਨਾ ਲਾਉ : ਕਿਸਾਨ ਵੀਰੋ ਸਾਡੇ ਪੁਰਖਿਆਂ ਦਾ ਖੇਤੀ ਗਿਆਨ ਜਿਹੜਾ ਕਿ ਹਜ਼ਾਰਾਂ ਸਾਲਾਂ ਦੇ ਅਨੁਭਵ ਦਾ ਨਿਚੋੜ ਹੈ, ਦੱਸਦਾ ਹੈ ਕਿ ਕਿਸੇ ਵੀ ਫ਼ਸਲ ਨੂੰ ਬਿਨਾਂ ਮੰਗੇ ਪਾਣੀ ਨਾ ਲਾਉ। ਫ਼ਸਲ ਨੂੰ ਆਪਣੇ ਵਾਧੇ ਵਿਕਾਸ ਲਈ ਪਾਣੀ ਨਹੀਂ ਸਗੋਂ ਨਮੀ/ਵੱਤਰ/ਸਿੱਲ ਦੀ ਲੋੜ ਹੁੰਦੀ ਹੈ। ਜਦੋਂ ਜ਼ਮੀਨ ਵਿਚ ਨਮੀ ਦੀ ਮਾਤਰਾ ਇਸ ਹੱਦ ਤੱਕ ਘਟ ਜਾਂਦੀ ਹੈ ਕਿ ਪੌਦੇ ਦੀ ਲੋੜ ਪੂਰੀ ਨਹੀਂ ਹੁੰਦੀ ਤਾਂ ਪੌਦੇ ਹੇਠ ਲਿਖੇ ਅਨੁਸਾਰ ਕੁੱਝ ਸੰਕੇਤ ਦਿੰਦੇ ਹੋਏ ਪਾਣੀ ਦੀ ਮੰਗ ਕਰਦੇ ਹਨ:

ਖੇਤ ਅੰਦਰ ਫ਼ਸਲ ਦਾ ਕੁਝ-ਕੁਝ ਥਾਵਾਂ ‘ਤੇ ਪਿਲੱਤਣ ਦਿਖਾਉਣਾ।
ਪੱਤੇ ਮੋੜ ਕੇ ਗੋਲ ਕਰ ਲੈਣਾ ਜਿਹਨੂੰ ਕਿਸਾਨ ਬੋਲੀ ਵਿਚ ਤੱਕਲੇ ਚੜ੍ਹਨਾ ਵੀ ਕਿਹਾ ਜਾਂਦਾ ਹੈ।
ਪੱਤੇ ਹੇਠਾਂ ਵੱਲ ਢਿੱਲੇ ਛੱਡ ਦੇਣਾ ਇਸ ਨੂੰ ਕਿਸਾਨ ਆਮ ਤੌਰ ‘ਤੇ ਕੰਨ ਸੁੱਟਣਾ ਆਖਦੇ ਹਨ।
ਕਣਕ ਦੇ ਮਾਮਲੇ ‘ਚ ਖਾਸ ਕਰ ਜਦੋਂ ਕਣਕ ਬੂਝਾ ਮਾਰ ਲਏ ਜਾਂ ਪੇਡਾ ਬਣਾ ਲਏ।
ਕਿਸਾਨ ਵੀਰੋ ਉਪਰੋਕਤ ਨਿਸ਼ਾਨੀਆਂ ਦੇ ਆਧਾਰ ‘ਤੇ ਫ਼ਸਲ ਨੂੰ ਪਾਣੀ ਦੇਣ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਹੀ ਯੂਰੀਆ ਅਤੇ ਨਦੀਨਨਾਸ਼ਕ ਜ਼ਹਿਰਾਂ ਆਦਿ ਦੀ ਲੋੜ ਵੀ ਘਟ ਜਾਂਦੀ ਹੈ। ਜਿਸ ਦਾ ਕਿ ਸਿੱਧਾ ਆਰਥਿਕ ਲਾਭ ਕਿਸਾਨ ਨੂੰ ਹੁੰਦਾ ਹੈ।

Share this...
Share on Facebook
Facebook

Leave a Reply

Your email address will not be published. Required fields are marked *

*

error: