ਝੋਨੇ ਦੇ ਮੁਕਾਬਲੇ ਘੱਟ ਪਾਣੀ ਤੇ ਵਧੇਰੇ ਲਾਭ ਲੈਣ ਲਈ ਕਰੋ ਇਹਨਾਂ ਬਾਸਮਤੀ ਕਿਸਮਾਂ ਦੀ ਕਾਸ਼ਤ

ਪੰਜਾਬ ਵਿੱਚ ਪਾਣੀ ਦਾ ਪੱਧਰ ਹਰ ਸਾਲ ਡਿੱਗ ਰਿਹਾ ਹੈ | ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਖੇਤੀ ਛੱਡ ਕੇ ਹੋਰ ਫ਼ਸਲਾਂ ਲਗਾਉਣ ਵਾਸਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪਰ ਸਮਰਥਨ ਮੁੱਲ ਤੈਅ ਨਾ ਹੋਣ ਕਾਰਨ ਫ਼ਸਲੀ ਵਿਭਿੰਨਤਾ ਅਪਨਾਉਣ ਵਾਲੇ ਕਿਸਾਨਾਂ ਨੂੰ ਘਾਟਾ ਹੀ ਪੈਂਦਾ ਹੈ ਇਸ ਲਈ ਜੇਕਰ ਪਾਣੀ ਦੀ ਬੱਚਤ ਪੱਖੋਂ ਹੀ ਝੋਨੇ ਦੀ ਕਾਸ਼ਤ ਘਟਾਉਣੀ ਹੈ ਤਾਂ ਵਰਤਮਾਨ ਤੇ ਨੇੜ ਭਵਿੱਖ ‘ਚ ਬਾਸਮਤੀ ਦੀ ਕਾਸ਼ਤ ਹੀ ਅਜਿਹੀ ਹੈ, ਜੋ ਕਿਸਾਨਾਂ ਨੂੰ ਝੋਨੇ ਜਿੰਨਾ ਮੁਨਾਫ਼ਾ ਦੇ ਸਕਦੀ ਹੈ |

ਇਸ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਪੀ.ਬੀ.-1121 ਤੇ ਪੀ.ਬੀ.-1509 ਕਿਸਮਾਂ ਆਉਣ ਨਾਲ ਪਿਛਲੇ ਸਾਲਾਂ ‘ਚ ਕਾਸ਼ਤਕਾਰਾਂ ਨੇ 50 ਤੋਂ 60 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਦਾ ਮੁਨਾਫ਼ਾ ਵੀ ਕਮਾਇਆ ਭਾਵੇਂ ਦੋ ਸਾਲ ਪਹਿਲਾਂ ਪੀ.ਬੀ.-1509 ਕਿਸਮ ਦੀ ਕਾਸ਼ਤ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਨਤੀਜੇ ਦੇ ਤੌਰ ‘ਤੇ ਉਨ੍ਹਾਂ ਨੇ ਪਿਛਲੇ ਸਾਲ ਇਸ ਦੀ ਕਾਸ਼ਤ ਐਵੇਂ ਨਾਮਾਤਰ ਹੀ ਕੀਤੀ |

ਪਿੱਛੇ ਜਿਹੇ ਪੂਸਾ ਬਾਸਮਤੀ-1 ਕਿਸਮ ਜੋ ਪਹਿਲੀ ਵਧੇਰੇ ਝਾੜ ਦੇਣ ਵਾਲੀ, ਨਾ ਢਹਿਣ ਵਾਲੀ ਅਤੇ ਖਾਣ ‘ਚ ਪੂਰੀ ਗੁਣਵੱਤਾ ਰੱਖਣ ਅਤੇ ਚੌਲ ਲੰਮਾ ਹੋਣ ਕਾਰਨ ਪਖਤਕਾਰਾਂ ਦੀ ਪਸੰਦ ਬਣੀ ਅਤੇ ਨਿਰਯਾਤ ਖੇਤਰ ‘ਚ ਸਫ਼ਲਤਾ ਕਰਨ ਵਾਲੀ ਕਿਸਮ ਹੈ, ਨੂੰ ਸੋਧ ਕੇ ਬਲਾਸਟ ਦਾ ਟਾਕਰਾ ਕਰਨ ਦੀ ਸ਼ਕਤੀ ਰੱਖਣ ਵਾਲੀ ਨਵੀਂ ਕਿਸਮ ਪੂਸਾ ਬਾਸਮਤੀ-1637 ਵਿਕਸਿਤ ਕੀਤੀ ਗਈ ਹੈ, ਜਿਸ ਨੂੰ ਕੇਂਦਰ ਦੀ ਸਰਵ-ਭਾਰਤੀ ਕਿਸਮਾਂ ਅਤੇ ਮਿਆਰ ਨਿਯਤ ਤੇ ਪ੍ਰਵਾਨ ਕਰਨ ਵਾਲੀ ਕਮੇਟੀ ਨੇ ਕਿਸਾਨਾਂ ਦੀ ਕਾਸ਼ਤ ਲਈ ਪ੍ਰਵਾਨ ਕਰ ਦਿੱਤਾ ਹੈ |

ਇਸ ਕਿਸਮ ਦਾ ਚੌਲ ਲੰਮਾ (7.3 ਮ.ਮ.), ਚਾਕੀ-ਰਹਿਤ ਅਤੇ ਖੁਸ਼ਬੂਦਾਰ ਹੈ ਅਤੇ ਪਕਾਉਣ ਉਪਰੰਤ 13.8 ਮ.ਮ. ਤੱਕ ਲੰਮਾ ਹੋ ਜਾਂਦਾ ਹੈ | ਇਸ ਦਾ ਝਾੜ 25-28 ਕੁਇੰਟਲ ਪ੍ਰਤੀ ਏਕੜ ਤੱਕ ਹੋਣ ਕਾਰਨ ਕਿਸਾਨਾਂ ਲਈ ਇਹ ਕਿਸਮ ਬੜੀ ਲਾਹੇਵੰਦ ਸਾਬਤ ਹੋਵੇਗੀ | ਇਸ ‘ਤੇ ਦਵਾਈਆਂ ਦੇ ਛਿੜਕਾਅ ਵੀ ਬਹੁਤ ਘੱਟ ਕਰਨੇ ਪੈਣਗੇ, ਜਿਸ ਕਾਰਨ ਜ਼ਹਿਰਾਂ ਦੇ ਅੰਸ਼ ਚੌਲ ਵਿਚ ਨਾ ਆਉਣ ਕਾਰਨ ਵਿਦੇਸ਼ਾਂ ‘ਚ ਇਸ ਕਿਸਮ ਦੇ ਚੌਲਾਂ ਦੀ ਮੰਗ ਵਧੇਗੀ ਅਤੇ ਕਿਸਾਨਾਂ ਨੂੰ ਵੱਧ ਭਾਅ ਮਿਲਣ ਦੀ ਸੰਭਾਵਨਾ ਹੋਵੇਗੀ |

ਦੂਜੀ ਕਿਸਮ ਪੂਸਾ ਬਾਸਮਤੀ-6 (ਪੂਸਾ ਬਾਸਮਤੀ 1401) ਨੂੰ ਬੈਕਟੀਰੀਅਲ ਲੀਫ ਬਲਾਈਟ ਤੋਂ ਲਗਪਗ ਮੁਕਤ ਕੀਤਾ ਗਿਆ ਹੈ ਅਤੇ ਇਸ ਦਾ ਝਾੜ 70 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਹੈ | ਕਿਸਾਨਾਂ ਨੂੰ ਬੜੀ ਲਾਭਦਾਇਕ ਸਾਬਤ ਹੋਵੇਗੀ | ਇਸਨੂੰ ਮੁੱਛਲ ਬਾਸਮਤੀ ਵੀ ਕਿਹਾ ਜਾਂਦਾ ਹੈ | ਇਹ ਪਨੀਰੀ ਸਣੇ ਪੱਕਣ ਨੂੰ 144-145 ਦਿਨ ਲੈਂਦੀ ਹੈ | ਇਸ ਕਿਸਮ ਦਾ ਚੌਲ ਲੰਮਾ (7.46 ਮ.ਮ.) ਅਤੇ ਅਤਿ-ਖੁਸ਼ਬੂਦਾਰ ਹੈ | ਇਸ ਕਿਸਮ ਦਾ ਚੌਲ ਬਾਸਮਤੀ ਦੀਆਂ ਸਾਰੀਆਂ ਦੂਜੀਆਂ ਕਿਸਮਾਂ ਨਾਲੋਂ ਵਧੀਆ ਮੰਨਿਆ ਗਿਆ ਹੈ |

ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਬਾਸਮਤੀ-2, ਬਾਸਮਤੀ-386 ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਪੱਕਣ ਦਾ ਸਮਾਂ ਲੰਮਾ ਹੋਣ, ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੋਣ ਅਤੇ ਉਤਪਾਦਿਕਤਾ ਘੱਟ ਹੋਣ ਕਾਰਨ ਐਵੇਂ ਨਾਮਾਤਰ ਰਕਬੇ ‘ਤੇ ਹੀ ਕਾਸ਼ਤ ਕੀਤੀ ਜਾ ਰਹੀ ਹੈ |

ਇਸ ਸਾਲ ਪੀ.ਏ.ਯੂ. ਵੱਲੋਂ ਬਾਸਮਤੀ-4 ਤੇ ਬਾਸਮਤੀ-5 ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਝਾੜ ਵਰਤਮਾਨ ‘ਚ ਕਾਸ਼ਤ ਕੀਤੀਆਂ ਜਾ ਰਹੀਆਂ ਪੀ.ਬੀ.-1121, ਪੀ.ਬੀ.-6 (ਪੂਸਾ 1401) ਅਤੇ ਪੀ.ਬੀ.-1509 ਨਾਲੋਂ ਘੱਟ ਹੈ ਅਤੇ ਜਿਨ੍ਹਾਂ ਦੀ ਪ੍ਰਮਾਣਿਤਾ ਅਜੇ ਫ਼ਸਲਾਂ ਦੀਆਂ ਕਿਸਮਾਂ ਅਤੇ ਮਿਆਰ ਨਿਯਤ ਕਰਨ ਵਾਲੀ ਕਮੇਟੀ ਵੱਲੋਂ ਕੀਤੇ ਜਾਣ ਉਪਰੰਤ ਇਹ ਕਿਸਮਾਂ ਨੋਟੀਫਾਈ ਹੋਣੀਆਂ ਹਨ | ਭਾਵੇਂ ਬਹੁਤਾ ਰਕਬਾ ਇਨ੍ਹਾਂ ਦੀ ਕਾਸ਼ਤ ਥੱਲੇ ਨਾ ਆਵੇ ਪਰ ਇਸ ਨਾਲ ਕਿਸਮਾਂ ‘ਚ ਵਿਭਿੰਨਤਾ ਆਉਣ ਦੀ ਸੰਭਾਵਨਾ ‘ਚ ਵਾਧਾ ਹੋ ਸਕਦਾ ਹੈ |

Share this...
Share on Facebook
Facebook

Leave a Reply

Your email address will not be published. Required fields are marked *

*

error: