4 ਲੱਖ ਦਾ ਕਰਜ਼ੇ ‘ਤੇ ਚੜ੍ਹਿਆ 21 ਲੱਖ ਵਿਆਜ, ਫਿਰ ਇਕ-ਇਕ ਕਰਕੇ ਪਰਿਵਾਰ ਦੇ ਮੈਂਬਰਾਂ ਨੇ ਦਿੱਤੀ ਜਾਨ

ਫ਼ਤਿਹਗੜ੍ਹ ਸਾਹਿਬ (ਜਗਦੇਵ)— ਪਿੰਡ ਚਨਾਰਥਲ ਖੁਰਦ ਦਾ ਇਕ ਕਿਸਾਨ ਪਰਿਵਾਰ ਇਕ ਆੜ੍ਹਤੀਏ ਦੀ ਧੱਕੇਸ਼ਾਹੀ ਤੋਂ ਇੰਨਾ ਪਰੇਸ਼ਾਨ ਹੋ ਗਿਆ ਕਿ ਉਸ ਦੇ ਪਰਿਵਾਰ ਦੇ ਤੀਜੇ ਜੀਅ ਨੇ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਇਸ ਪਰਿਵਾਰ ਵਿਚ ਹੁਣ ਸਿਰਫ ਔਰਤਾਂ ਹੀ ਬਚ ਗਈਆਂ ਹਨ। ਮ੍ਰਿਤਕ ਦਵਿੰਦਰ ਸਿੰਘ ਦੇ ਰਿਸ਼ਤੇਦਾਰ ਜਸਵਿੰਦਰ ਸਿੰਘ, ਹਰਨੇਕ ਸਿੰਘ ਭੱਲਮਾਜਰਾ, ਪਿੰਡ ਵਾਸੀ ਸ਼ੀਤਲ ਸਿੰਘ ਤੇ ਰਾਮ ਸਿੰਘ ਨੇ ਦੱਸਿਆ ਕਿ ਕਰੀਬ 11 ਸਾਲ ਪਹਿਲਾਂ ਉਸ ਦੇ ਪਿਤਾ ਗੁਰਲਾਭ ਸਿੰਘ ਨੇ ਪਿੰਡ ਦੇ ਇਕ ਆੜ੍ਹਤੀ ਤੋਂ 4 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਦਾ ਵਿਆਜ ਜੋੜ ਕੇ ਆੜ੍ਹਤੀਏ ਨੇ 25 ਲੱਖ ਰੁਪਏ ਬਣਾ ਦਿੱਤਾ ਸੀ।
ਇਸ ਨੂੰ ਜਦੋਂ ਗੁਰਲਾਭ ਸਿੰਘ ਵਾਪਸ ਕਰਨ ਵਿਚ ਅਸਮਰਥ ਹੋ ਗਿਆ ਤਾਂ ਆੜ੍ਹਤੀਏ ਨੇ ਉਸ ਦੀ 4 ਏਕੜ ਜ਼ਮੀਨ ਧੋਖੇ ਨਾਲ 60 ਲੱਖ ਦੀ ਵਿਕਾ ਦਿੱਤੀ ਅਤੇ ਉਨ੍ਹਾਂ ਨੂੰ ਆਪਣੇ ਪੈਸੇ ਕੱਟ ਕੇ ਬਾਕੀ ਬਚਦੀ ਰਕਮ ਤੇ ਉਸ ਦਾ ਵਿਆਜ ਦੇਣ ਦਾ ਵਾਅਦਾ ਕੀਤਾ ਪਰ ਇਸ ਤੋਂ ਬਾਅਦ ਆੜ੍ਹਤੀ ਉਕਤ ਰਕਮ ਦੇਣ ਤੋਂ ਮੁਨਕਰ ਹੋ ਗਿਆ, ਜਿਸ ਦਾ ਕੋਰਟ ਵਿਚ ਕੇਸ ਵੀ ਚੱਲ ਰਿਹਾ ਸੀ। ਇਨਸਾਫ਼ ਨਾ ਮਿਲਣ ਕਾਰਨ ਪਹਿਲਾਂ ਗੁਰਲਾਭ ਦੇ ਬੇਟੇ ਗੁਰਪ੍ਰੀਤ ਸਿੰਘ ਕਰੀਬ 8 ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਪਿਛਲੇ ਸਾਲ ਪਟਿਆਲਾ ਵਿਖੇ ਧਰਨੇ ਦੌਰਾਨ ਗੁਰਲਾਭ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ, ਜਿਸ ਤੋਂ ਬਾਅਦ ਉਕਤ ਗੁਰਲਾਭ ਸਿੰਘ ਦਾ ਲੜਕਾ ਦਵਿੰਦਰ ਸਿੰਘ ਕਾਫੀ ਪਰੇਸ਼ਾਨ ਰਹਿਣ ਲੱਗ ਪਿਆ ਸੀ, ਜਿਸ ਨੇ ਕਮਰੇ ਦੀ ਕੁੰਡੀ ਲਾ ਕੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਕੁੱਲ ਮਿਲਾ ਕੇ ਅੱਠ ਸਾਲਾਂ ਵਿਚ ਕਰਜ਼ੇ ਨੇ ਪਰਿਵਾਰ ਦੇ ਸਾਰੇ ਮਰਦਾਂ ਨੂੰ ਖਾ ਲਿਆ ਅਤੇ ਦਵਿੰਦਰ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਉਸ ਦੀ ਬਜ਼ੁਰਗ ਮਾਂ, ਪਤਨੀ-ਬੇਟੀ ਅਤੇ ਵਿਧਵਾ ਭਾਬੀ ਬਚੀ ਹੈ। ਥਾਣਾ ਮੂਲੇਪੁਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਤਸਵੀਰ ਸਾਫ ਹੈ ਕਿ ਕਿਸਾਨ ਨੂੰ ਖੁਦਕੁਸ਼ੀ ਨਾਲ ਨਹੀਂ ਮਰਦਾ ਸਗੋਂ ਕਰਜ਼ੇ ਦੀਆਂ ਕਿਸ਼ਤਾਂ ਨਾਲ ਮਰਦਾ ਹੈ। ਜੋ ਅੰਨਦਾਤਾ ਲੋਕਾਂ ਦਾ ਢਿੱਡ ਭਰਦਾ ਹੈ, ਜਦੋਂ ਉਹੀ ਆਪਣੇ ਪਰਿਵਾਰ ਦਾ ਢਿੱਡ ਭਰਨ ਵਿਚ ਅਸਮਰੱਥ ਹੋ ਜਾਵੇ ਤਾਂ ਸ਼ਾਇਦ ਅਜਿਹੀ ਜ਼ਿੰਦਗੀ ਨਾਲੋਂ ਮੌਤ ਜ਼ਿਆਦਾ ਆਸਾਨ ਲੱਗਦੀ ਹੋਵੇਗੀ। ਜ਼ਰੂਰੀ ਹੈ ਕਿ ਅਜਿਹੇ ਆੜ੍ਹਤੀਆਂ ਨੂੰ ਸਬਕ ਸਿਖਾਇਆ ਜਾਵੇ, ਜੋ ਗਰੀਬ ਕਿਸਾਨਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਉਸ ਨੂੰ ਮੌਤ ਦੇ ਰਾਹ ‘ਤੇ ਤੋਰ ਰਹੇ ਹਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਸਿਰਫ ਇਹੀ ਕਰਜ਼ੇ ਹੋਣਗੇ ਮਾਫ ,ਸਹਿਕਾਰੀ ਬੈਂਕਾਂ ਵਲੋਂ ਕਿਸਾਨਾਂ ਨੂੰ ਕਰਜੇ ਮੋੜਨ ਦੀ ਅਪੀਲ

ਕਰਜ਼ਾ ਮੁਆਫ਼ੀ ਦੀ ਉਮੀਦ ਲਗਾਈ ਬੈਠੇ ਕਿਸਾਨਾਂ ਨੂੰ ਉਸ ਵੇਲੇ ਝਟਕਾ ਲੱਗਾ ਜਦ ਸੂਬੇ ਦੇ ...

error: